ਡੇਂਗੂ ਲਾਰਵਾ ਦੀ ਜਾਂਚ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ। (ਜ਼ੀਸ਼ਾਨ) |
ਕਾਦੀਆਂ, 5 ਸਤੰਬਰ (ਜ਼ੀਸ਼ਾਨ): ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਪ੍ਰੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਅਫਸਰ ਕਾਦੀਆਂ ਡਾ. ਸ਼ੁਭਨੀਤ ਕੁਮਾਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਕਾਦੀਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਝੁੱਗੀਆਂ-ਝੋਪੜੀਆਂ ਦਾ ਦੌਰਾ ਕਰਕੇ ਡੇਂਗੂ ਲਾਰਵਾ ਦੀ ਜਾਂਚ ਕੀਤੀ।
ਇਸ ਦੌਰਾਨ ਟੀਮ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਣੀ ਦੇ ਸਰੋਤਾਂ ਨੂੰ ਹਫ਼ਤੇ ਵਿੱਚ ਇਕ ਵਾਰ ਖਾਲੀ ਕਰਨਾ ਚਾਹੀਦਾ ਹੈ ਕਿਉਂਕਿ ਡੇਂਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਸਾਫ਼ ਖੜੇ ਪਾਣੀ ਵਿੱਚ ਤੇਜ਼ੀ ਨਾਲ ਪੈਦਾ ਹੁੰਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਟੀਮ ਨੇ ਅਪੀਲ ਕੀਤੀ ਕਿ ਕੂਲਰਾਂ, ਗਮਲਿਆਂ, ਫਰਿੱਜ ਦੀਆਂ ਟਰੇਆਂ ਅਤੇ ਹੋਰ ਪਾਣੀ ਵਾਲੇ ਬਰਤਨ ਸੁੱਕੇ ਰੱਖਣ, ਨੀਵੀਆਂ ਥਾਵਾਂ ਨੂੰ ਮਿੱਟੀ ਨਾਲ ਭਰਨਾ, ਅਤੇ ਜਿੱਥੇ ਪਾਣੀ ਨਾ ਸੁੱਕਿਆ ਜਾ ਸਕੇ, ਉਥੇ ਹਰ ਹਫ਼ਤੇ ਕਾਲਾ ਤੇਲ ਪਾਉਣਾ ਚਾਹੀਦਾ ਹੈ।
ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤਣ, ਸਰੀਰ ਢੱਕਣ ਵਾਲੇ ਕੱਪੜੇ ਪਹਿਨਣ ਅਤੇ ਬੁਖ਼ਾਰ ਹੋਣ ਦੀ ਸਥਿਤੀ ਵਿੱਚ ਨੇੜਲੇ ਸਿਹਤ ਕੇਂਦਰ ਤੋਂ ਜਾਂਚ ਕਰਵਾਉਣ। ਟੀਮ ਨੇ ਦੱਸਿਆ ਕਿ ਡੇਂਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ।
ਇਸ ਮੁਹਿੰਮ ਦੌਰਾਨ ਹੈਲਥ ਇੰਸਪੈਕਟਰ ਸਰਵਣ ਸਿੰਘ ਦੇ ਨਾਲ ਕੁਲਦੀਪ ਕੁਮਾਰ, ਲਖਬੀਰ ਸਿੰਘ ਤੇ ਗੁਰਮੁਖ ਸਿੰਘ ਭਾਟੀਆ ਆਦਿ ਟੀਮ ਮੈਂਬਰ ਵੀ ਹਾਜ਼ਰ ਸਨ।