ਬਾੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਤੇ ਜਾਣਕਾਰੀ ਦਿੰਦਿਆਂ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਆਦਿ (ਜ਼ੀਸ਼ਾਨ) |
ਕਾਦੀਆਂ, 26 ਅਗਸਤ (ਜ਼ੀਸ਼ਾਨ): ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਕੋੜਾ ਪੱਤਣ ਖੇਤਰ ਵਿੱਚ ਪਾਣੀ ਭਰ ਜਾਣ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਦਰਮਿਆਨ, ਜਗਤ ਪੰਜਾਬੀ ਸਭਾ ਦੀ ਸੂਬਾ ਇਕਾਈ ਨੇ ਬਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ ਪਹੁੰਚੀ ਟੀਮ ਵਿੱਚ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ (ਜ਼ਿਲਾ ਗਾਈਡੈਂਸ ਕੌਂਸਲਰ), ਮੀਤ ਪ੍ਰਧਾਨ ਸਰਵਨ ਸਿੰਘ ਧੰਧਲ (ਡਾਇਰੈਕਟਰ ਸੈਂਟ ਵਾਰਿਯਰਜ਼ ਸਕੂਲ), ਮਹਾਸਚਿਵ ਪਵਨ ਭਰਦਵਾਜ਼ ਅਤੇ ਸਚਿਵ ਜਸਮੀਤ ਸਿੰਘ ਮਾਹਲ ਸ਼ਾਮਲ ਸਨ। ਟੀਮ ਨੇ ਮਕੋੜਾ, ਗਾਹਲੜੀ ਅਤੇ ਦੋਰਾਂਗਲਾ ਖੇਤਰ ਵਿੱਚ ਜਾ ਕੇ ਹਾਲਾਤਾਂ ਦਾ ਨਿਰੀਖਣ ਕੀਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ ਬਾੜ ਪ੍ਰਭਾਵਿਤ ਲੋਕ ਆਪਣੇ ਪਸ਼ੂਆਂ ਨੂੰ ਸੜਕਾਂ 'ਤੇ ਲਿਜਾਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਜਿਥੇ ਇਕ ਪਾਸੇ ਜਗਤ ਪੰਜਾਬੀ ਸਭਾ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਵਧਾਵਾ ਦੇਣ ਲਈ ਕਿਰਿਆਸ਼ੀਲ ਹੈ, ਓਥੇ ਹੀ ਜ਼ਰੂਰਤ ਦੀ ਘੜੀ ਵਿੱਚ ਇਹ ਸੰਸਥਾ ਸਮਾਜ ਸੇਵਾ ਲਈ ਵੀ ਹਮੇਸ਼ਾਂ ਤਤਪਰ ਰਹਿੰਦੀ ਹੈ ਅਤੇ ਬਾੜ ਪੀੜਤ ਖੇਤਰਾਂ ਵਿੱਚ ਹਰ ਸੰਭਵ ਸਹਾਇਤਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਇਲਾਕੇ ਬਾੜ ਨਾਲ ਪ੍ਰਭਾਵਿਤ ਹਨ। ਅਜਿਹੇ ਸਮੇਂ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਮਨੁੱਖਤਾ ਦੇ ਨਾਤੇ ਅੱਗੇ ਆ ਕੇ ਪੀੜਤ ਪਰਿਵਾਰਾਂ ਦੀ ਮਦਦ ਕਰੇ। ਉਨ੍ਹਾਂ ਨੇ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਵੱਡੇ ਪੱਧਰ 'ਤੇ ਸਹਿਯੋਗ ਕਰਨ।