| ਸੇਂਟ ਵਾਰੀਅਰਜ਼ ਸਕੂਲ ਚ ਮੁੱਖ ਮਹਿਮਾਨ ਵਧੀਕ ਜੱਜ ਹਰਪ੍ਰੀਤ ਸਿੰਘ ਨੂੰ ਸਕੂਲ ਪ੍ਰਬੰਧਨ ਸਨਮਾਨਿਤ ਕਰਦਿਆਂ, ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। (ਜ਼ੀਸ਼ਾਨ) |
ਕਾਦੀਆਂ, 8 ਦਸੰਬਰ (ਜ਼ੀਸ਼ਾਨ) – ਸੇਂਟ ਵਾਰੀਅਰਜ਼ ਸਕੂਲ, ਬਸਰਾਈ ਵੱਲੋਂ ਵਾਰੀਅਰਜ਼ ਫੈਸਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਦਰਸ਼ਨੀਆਂ ਪੇਸ਼ ਕੀਤੀਆਂ। ਸਮਾਗਮ ਵਿੱਚ ਵਧੀਕ ਜੱਜ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
52 ਵਿਸ਼ਵ ਰਿਕਾਰਡ ਧਾਰਕ 'ਪੁਸ਼ਅਪ ਮੈਨ ਆਫ ਪੰਜਾਬ' ਕੁੰਵਰ ਅੰਮ੍ਰਿਤਬੀਰ ਸਿੰਘ ਵੀ ਵਿਸ਼ੇਸ਼ ਮਹਿਮਾਨ ਸਨ, ਜਿਨ੍ਹਾਂ ਵੱਲੋਂ ਦੋ ਮਿੰਟ ਦਾ ਸ਼ੋਅ ਪੇਸ਼ ਕੀਤਾ ਗਿਆ। ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਅਤੇ ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ ਵੀ ਸਮਾਗਮ ਵਿੱਚ ਹਾਜ਼ਰ ਸਨ।
ਸਕੂਲ ਦੇ ਚੇਅਰਮੈਨ ਸੱਜਣ ਸਿੰਘ ਧੰਦਲ, ਡਾਇਰੈਕਟਰ ਸਰਵਣ ਸਿੰਘ ਧੰਦਲ ਅਤੇ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਫੈਸਟ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ।
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਰੁਝਾਨ ਵਧਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਹਰਪ੍ਰੀਤ ਸਿੰਘ ਨੇ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਸਕੂਲ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ।
ਸਮਾਰੋਹ ਦੇ ਅੰਤ ਵਿੱਚ, ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੀਕ ਜੱਜ ਹਰਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਨ ਨੇ ਮੁੱਖ ਮਹਿਮਾਨ ਅਤੇ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।