| ਕਾਦੀਆਂ ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਕਾਦੀਆਂ ਆਗੂ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜਕੇ ਤਿੱਖਾ ਰੋਸ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 12 ਦਸੰਬਰ (ਜ਼ੀਸ਼ਾਨ) – ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਕਾਦੀਆਂ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਗੁਰਾਇਆ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਬਿਜਲੀ ਕਾਮਿਆਂ ਨੇ ਸਰਕਾਰ ਵੱਲੋਂ ਬਠਿੰਡਾ ਥਰਮਲ ਕਲੋਨੀ ਦੀ ਜ਼ਮੀਨ ਵੇਚਣ ਅਤੇ ਬਿਜਲੀ ਸੋਧ ਬਿੱਲ 2025 ਨੂੰ ਪੂਰੇ ਬਿਜਲੀ ਖੇਤਰ ਦੇ ਨਿਜੀਕਰਨ ਵੱਲ ਖ਼ਤਰਨਾਕ ਕਦਮ ਕਹਿੰਦੇ ਹੋਏ ਜ਼ਬਰਦਸਤ ਵਿਰੋਧ ਦਰਜ ਕਰਵਾਇਆ।
ਜਗਤਾਰ ਸਿੰਘ ਖੁੰਡਾ ਨੇ ਜਾਰੀ ਬਿਆਨ ਚ ਦੱਸਿਆ ਕਿ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਐਕਟ 2003 ਵਿੱਚ ਲਗਾਤਾਰ ਸੋਧਾਂ ਕਰਕੇ ਬਿਜਲੀ ਖੇਤਰ ਨੂੰ ਨਿਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ "ਬਿਜਲੀ ਸੋਧ ਬਿੱਲ 2025 ਪੂਰੇ ਵਿਭਾਗ ਦੇ ਨਿਜੀਕਰਨ ਦੀ ਸਾਜ਼ਿਸ਼ ਹੈ ਜਿਸ ਨਾਲ ਆਮ ਲੋਕਾਂ, ਕਿਸਾਨਾਂ ਅਤੇ ਕਰਮਚਾਰੀਆਂ ਦੇ ਹੱਕ ਖ਼ਤਰੇ 'ਚ ਪੈ ਜਾਣਗੇ।"
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਅਤੇ ਜ਼ਮੀਨਾਂ ਵੇਚਣ ਦੇ ਫ਼ੈਸਲੇ ਵੀ ਇਸੇ ਨਿਜੀਕਰਨ ਨੀਤੀ ਦਾ ਹਿੱਸਾ ਹਨ, ਜੋ ਕਿ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ "ਕੇਂਦਰ ਅਤੇ ਰਾਜ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਨੀਤੀ ਅਪਣਾ ਰਹੀਆਂ ਹਨ, ਜਿਸ ਦਾ ਕਰਮਚਾਰੀ ਅਤੇ ਆਮ ਜਨਤਾ ਵਿਰੋਧ ਕਰਦੀ ਰਹੇਗੀ।"
ਕਾਮਿਆਂ ਦੀਆਂ ਮੁੱਖ ਮੰਗਾਂ ਸੀ ਕਿ ਨਿਜੀਕਰਨ ਦੀ ਨੀਤੀ ਤੁਰੰਤ ਰੱਦ ਕੀਤੀ ਜਾਵੇ, ਬਠਿੰਡਾ ਥਰਮਲ ਕਲੋਨੀ ਦੀ ਜ਼ਮੀਨ ਵੇਚਣ ਦਾ ਫ਼ੈਸਲਾ ਵਾਪਸ ਲਿਆ ਜਾਵੇ, ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ।
ਇਸ ਰੋਸ ਪ੍ਰਦਰਸ਼ਨ ਵਿੱਚ ਜਗਤਾਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਗੁਰਵਿੰਦਰ ਸਿੰਘ ਸੂਚ, ਬਿਕਰਮ ਸਿੰਘ ਭਾਮ, ਪ੍ਰਿਤਪਾਲ ਸਿੰਘ, ਜਸਵੀਰ ਸਿੰਘ ਜੱਸੀ ਸਮੇਤ ਕਈ ਯੂਨੀਅਨ ਆਗੂ ਮੌਜੂਦ ਸਨ।