ਸੰਯੁਕਤ ਕਿਸਾਨ ਮੋਰਚਾ, ਬਿਜਲੀ ਮੁਲਾਜ਼ਮਾਂ, ਪੈਨਸ਼ਨਰਜ਼ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕਾਦੀਆਂ ਪਾਵਰਕੌਮ ਦਫ਼ਤਰ ਮੂਹਰੇ ਵਿਸ਼ਾਲ ਰੋਸ ਰੈਲੀ

ਕਾਦੀਆਂ ਚ ਕਿਸਾਨ ਆਗੂ ਅਤੇ ਬਿਜਲੀ ਮੁਲਾਜ਼ਮ ਬਿੱਲ ਦੀਆਂ ਕਾਪੀਆਂ ਸਾੜ੍ਹ ਕੇ ਰੋਸ਼ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ)

ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ
ਕਾਦੀਆਂ, 8 ਦਸੰਬਰ (ਜ਼ੀਸ਼ਾਨ) – ਸੰਯੁਕਤ ਕਿਸਾਨ ਮੋਰਚਾ ਪੰਜਾਬ, ਬਿਜਲੀ ਮੁਲਾਜ਼ਮਾਂ, ਪੈਨਸ਼ਨਰਜ਼ ਅਤੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਪਾਵਰਕੌਮ ਸਬ-ਡਿਵੀਜ਼ਨ ਕਾਦੀਆਂ ਦੇ ਦਫ਼ਤਰ ਮੂਹਰੇ ਵੱਡਾ ਇਕੱਠ ਕਰਕੇ ਬਿਜਲੀ ਸੋਧ ਬਿੱਲ 2025, ਸਰਕਾਰੀ ਵਿਭਾਗਾਂ ਦੀ ਜ਼ਮੀਨ ਵੇਚਣ, ਚਾਰ ਨਵੇਂ ਲੇਬਰ ਕੋਡ ਬਿੱਲ ਅਤੇ ਸੀਡ ਬਿੱਲ 2025 ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਰੋਸ ਪ੍ਰਗਟਾਉਂਦੇ ਹੋਏ ਇਹਨਾਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਜਗਤਾਰ ਸਿੰਘ ਖੁੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਰਨੇ ਦੀ ਸਾਂਝੀ ਅਗਵਾਈ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਹਰਦੀਪ ਸਿੰਘ ਲੋਹ ਚੁੱਪ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਚਾਹਲ ਦੇ ਬਲਜਿੰਦਰ ਸਿੰਘ ਬਾਜਵਾ, ਫੈਡਰੇਸ਼ਨ ਏਟਕ ਦੇ ਹਰਪ੍ਰੀਤ ਸਿੰਘ, ਪੈਨਸ਼ਨਰਜ਼ ਯੂਨੀਅਨ ਦੇ ਦਵਿੰਦਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਅਨੋਖ ਸਿੰਘ ਘੋੜੇਵਾਹ, ਪੇਂਡੂ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕੋਟ ਟੋਡਰ ਮੱਲ, ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਸੰਧੂ ਨੇ ਕੀਤੀ।
ਸਰਕਾਰ ਦੇ ਲੋਕ ਵਿਰੋਧੀ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਬਿਜਲੀ ਸੋਧ ਬਿੱਲ 2025 ਲਾਗੂ ਹੋ ਗਿਆ ਤਾਂ ਬਿਜਲੀ ਵੰਡ ਪ੍ਰਣਾਲੀ ਨਿੱਜੀ ਕੰਪਨੀਆਂ ਦੇ ਹੱਥ ਚਲੀ ਜਾਵੇਗੀ, ਕਰਾਸ ਸਬਸਿਡੀ ਖ਼ਤਮ ਹੋ ਜਾਵੇਗੀ, ਖੇਤੀਬਾੜੀ ਤੇ ਘਰੇਲੂ ਬਿਜਲੀ 'ਤੇ ਮਿਲਣ ਵਾਲੀ ਸਬਸਿਡੀ ਬੰਦ ਹੋ ਜਾਵੇਗੀ, ਹਰ ਸਾਲ ਬਿਜਲੀ ਰੇਟ ਵੱਧਣਗੇ, ਬਿਜਲੀ ਆਮ ਲੋਕ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਪੱਕੇ ਮੁਲਾਜ਼ਮੀਆਂ ਦਾ ਉਜਾੜਾ ਹੋਵੇਗਾ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕਰਨ ਲਈ ਜਾਰੀ ਕੀਤੇ ਚਾਰ ਲੇਬਰ ਕੋਡ ਬਿੱਲਾਂ ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ, ਸਰਕਾਰੀ ਜ਼ਮੀਨ ਵੇਚਣ ਦੀ ਨੀਤੀ ਰੱਦ ਕੀਤੀ ਜਾਵੇ, ਸੀਡ ਬਿੱਲ 2025 ਪੂਰੀ ਤਰ੍ਹਾਂ ਵਾਪਸ ਲਿਆ ਜਾਵੇ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਲੋਕ-ਵਿਰੋਧੀ ਨੀਤੀਆਂ ਵਾਪਸ ਨਹੀਂ ਲੈਂਦੀ ਤਾਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰਜ਼ ਇਕੱਠੇ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਇਸ ਰੋਸ ਰੈਲੀ ਵਿੱਚ ਪਿਆਰਾ ਸਿੰਘ ਭਾਮੜੀ, ਬਾਵਾ ਸਿੰਘ ਠੀਕਰੀਵਾਲਾ, ਜਗਤਾਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਸਕੱਤਰ ਸਿੰਘ ਭੇਟ ਪੱਤਨ, ਸੁਰਜੀਤ ਸਿੰਘ ਨੰਗਲ ਝੌਰ ਸਮੇਤ ਕਈ ਕਿਸਾਨ ਤੇ ਮਜ਼ਦੂਰ ਆਗੂ ਜੁੜੇ।


Post a Comment

© Qadian Times. All rights reserved. Distributed by ASThemesWorld