![]() | |
|
ਕਾਦੀਆਂ, 9 ਦਸੰਬਰ (ਜ਼ੀਸ਼ਾਨ) – ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ (ਸਟੇਟ ਅਵਾਰਡੀ) ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਐਨ.ਸੀ.ਸੀ, ਐਨ.ਐਸ.ਐਸ, ਫੌਜ ਅਤੇ ਨੇਵੀ ਦੀ ਭਰਤੀ ਨਾਲ ਸਬੰਧਤ ਖ਼ਾਸ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਸਕੂਲ ਦੀ ਪ੍ਰਾਥਨਾ ਸਭਾ ਦੌਰਾਨ ਰਿਟਾਇਰਡ ਸੁਬੇਦਾਰ ਮੇਜਰ ਗੁਰਨਾਮ ਸਿੰਘ (ਸਕੂਲ ਕੈਂਪਸ ਮੈਨੇਜਰ) ਵੱਲੋਂ ਵਿਦਿਆਰਥੀਆਂ ਨੂੰ ਐਨ.ਸੀ.ਸੀ ਵਿੱਚ ਮਿਲਣ ਵਾਲੀਆਂ ਏ, ਬੀ ਅਤੇ ਸੀ ਗ੍ਰੇਡਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ, ਅਤੇ ਦੱਸਿਆ ਕਿ ਇਹ ਗ੍ਰੇਡ ਭਵਿੱਖ ਵਿੱਚ ਫੌਜੀ ਭਰਤੀ ਅਤੇ ਹੋਰ ਸਰਕਾਰੀ ਨੌਕਰੀਆਂ ਵਿੱਚ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਫੌਜ ਅਤੇ ਨੇਵੀ ਵਿੱਚ ਭਰਤੀ ਲਈ ਲਾਜ਼ਮੀ ਯੋਗਤਾਵਾਂ, ਉਮਰ ਸੀਮਾਵਾਂ ਅਤੇ ਭਰਤੀ ਦੇ ਵੱਖ-ਵੱਖ ਵਰਗਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਬੱਚਿਆਂ ਨੂੰ ਮਾਈ ਭਾਗੋ ਅਕੈਡਮੀ ਮੋਹਾਲੀ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੋਹਾਲੀ ਅਤੇ ਦਸ਼ਮੇਸ਼ ਅਕੈਡਮੀ ਸ਼੍ਰੀ ਆਨੰਦਪੁਰ ਸਾਹਿਬ ਵਰਗੀਆਂ ਸੰਸਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਵਿਦਿਆਰਥੀਆਂ ਨੂੰ ਫੌਜੀ ਤਿਆਰੀ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ।
ਇਹ ਲੈਕਚਰ ਅਤੇ ਜਾਣਕਾਰੀ ਵਿਦਿਆਰਥੀਆਂ ਨੂੰ ਫੌਜੀ ਸੇਵਾਵਾਂ ਵਿੱਚ ਰੁਝਾਨ ਬਣਾਉਣ ਅਤੇ ਭਰਤੀ ਲਈ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।
ਅਧਿਆਪਕਾ ਰਾਜਬੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਰਾਹੀਂ ਮਿਲਣ ਵਾਲੀ ਅਨੁਸ਼ਾਸਨ, ਸਹਿਯੋਗ ਅਤੇ ਤਰਤੀਬਬੰਦੀ ਦੀ ਸਿੱਖਿਆ ਬਾਰੇ ਜਾਣੂ ਕਰਵਾਇਆ।
ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਇਹਨਾਂ ਕਾਰਜਕਲਾਪਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਇਹ ਗਤੀਵਿਧੀਆਂ ਉਨ੍ਹਾਂ ਦੇ ਭਵਿੱਖੀ ਕਰੀਅਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।
