| ਮੁਹੱਲਾ ਕ੍ਰਿਸ਼ਨ ਨਗਰ ਕਾਦੀਆਂ ਦੇ ਨਿਵਾਸੀ ਨਗਰ ਕੌਂਸਲ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ। (ਜ਼ੀਸ਼ਾਨ) |
ਕਾਦੀਆਂ, 27 ਅਕਤੂਬਰ (ਜ਼ੀਸ਼ਾਨ) – ਮੁਹੱਲਾ ਕ੍ਰਿਸ਼ਨ ਨਗਰ ਕਾਦੀਆਂ ਦੇ ਨਿਵਾਸੀਆਂ ਨੇ ਨਗਰ ਕੌਂਸਲ ਕਾਦੀਆਂ ਨੂੰ ਮੰਗ ਪੱਤਰ ਸੌਂਪ ਕੇ ਕਾਲਜ ਰੋਡ 'ਤੇ ਕੂੜੇ ਦੇ ਡੰਪ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਬਾਜਵਾ, ਹਰਪਾਲ ਕੌਰ, ਸੁੱਖਪਾਲ ਸਿੰਘ ਆਦਿ ਨੇ ਦੱਸਿਆ ਕਿ ਕੂੜੇ ਦੇ ਡੰਪਾਂ ਵਿੱਚ ਬੇਹਦ ਮਾਤਰਾ ਵਿੱਚ ਕੂੜਾ ਇਕੱਠਾ ਹੋਣ ਕਰਕੇ ਮੁਹੱਲੇ ਵਿੱਚ ਗੰਦਗੀ ਫੈਲ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਤੋਂ ਇਲਾਵਾ ਅਵਾਰਾ ਜਾਨਵਰ ਕੂੜੇ ਨੂੰ ਇੱਧਰ-ਉੱਧਰ ਫੈਲਾ ਦਿੰਦੇ ਹਨ, ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਗੰਦਗੀ ਕਾਰਨ ਰਾਹਗੀਰਾਂ ਨੂੰ ਖਾਸ ਤੌਰ 'ਤੇ ਸਕੂਲ ਅਤੇ ਕਾਲਜ ਦੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਕਾਲਜ ਰੋਡ 'ਤੇ ਚਾਰ ਹਾਈ ਸਕੂਲ ਅਤੇ ਇੱਕ ਕਾਲਜ ਚੱਲ ਰਹੇ ਹਨ, ਜਿਨ੍ਹਾਂ ਵਿੱਚ ਦੋ ਲੜਕਿਆਂ ਦੇ ਸਕੂਲ ਵੀ ਸ਼ਾਮਲ ਹਨ। ਕਈ ਵਾਰ ਬੱਚੇ ਅਤੇ ਆਮ ਲੋਕ ਇਸ ਗੰਦਗੀ ਵਿੱਚ ਫਿਸਲ ਕੇ ਡਿੱਗ ਜਾਂਦੇ ਹਨ।
ਨਿਵਾਸੀਆਂ ਨੇ ਨਗਰ ਕੌਂਸਲ ਨੂੰ ਬੇਨਤੀ ਕੀਤੀ ਕਿ ਇਸ ਸਮੱਸਿਆ ਨੂੰ ਤੁਰੰਤ ਧਿਆਨ ਵਿੱਚ ਲਿਆਂਦੇ ਹੋਏ ਕੂੜੇ ਦੇ ਡੰਪ ਹਟਾਏ ਜਾਣ ਤਾਂ ਜੋ ਲੋਕ ਸਾਫ਼-ਸੁਥਰੇ ਮਾਹੌਲ ਵਿੱਚ ਜੀ ਸਕਣ।