| ਸੀ.ਐਚ.ਸੀ. ਭਾਮ ਵਿਖੇ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਮੰਗ ਪੱਤਰ ਦੇਂਦਿਆਂ । (ਜ਼ੀਸ਼ਾਨ) |
ਕਾਦੀਆਂ, 4 ਅਕਤੂਬਰ (ਜ਼ੀਸ਼ਾਨ) – ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸੀਲੀਟੇਟਰ ਯੂਨੀਅਨ ਦੇ ਸੂਬਾਈ ਪ੍ਰੋਗਰਾਮ ਤਹਿਤ ਤਰਸਿੱਕਾ ਬਲਾਕ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਸੀ.ਐਚ.ਸੀ. ਭਾਮ ਵਿੱਚ ਇਕੱਠੇ ਹੋ ਕੇ ਮੈਡੀਕਲ ਅਫਸਰ ਡਾ. ਰਵਨੀਤ ਕੌਰ ਰਾਹੀਂ ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਨੂੰ ਮੰਗ ਪੱਤਰ ਭੇਜਿਆ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਵਿੰਦਰ ਕੌਰ ਬਹਿਰਾਮਪੁਰ (ਜ਼ਿਲ੍ਹਾ ਜਰਨਲ ਸਕੱਤਰ) ਨੇ ਕਿਹਾ ਕਿ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਇਸ ਕਾਰਨ 24 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਡਾਇਰੈਕਟਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਯੂਨੀਅਨ ਵਲੋਂ ਮੰਗ ਕੀਤੀ ਗਈ ਕਿ ਚੋਣ ਵਾਅਦੇ ਅਨੁਸਾਰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦਾ ਮਾਣਭੱਤਾ ਅਤੇ ਇਨਸੈਂਟਿਵ ਦੁੱਗਣਾ ਕੀਤਾ ਜਾਵੇ, ਘੱਟੋ ਘੱਟ ਉਜਰਤਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਸੇਵਾ ਮੁਕਤੀ 'ਤੇ 5 ਲੱਖ ਰੁਪਏ ਗਰੈਚੁਟੀ ਤੇ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ।
ਇਸ ਮੌਕੇ ਊਸ਼ਾ ਦੇਵੀ, ਇਕਬਾਲ ਕੌਰ, ਲਖਵਿੰਦਰ ਕੌਰ, ਹਰਮੀਤ ਕੌਰ, ਹਰਜੀਤ ਕੌਰ, ਸੁਰਿੰਦਰ ਕੌਰ, ਪਰਮਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।