ਕਾਦੀਆਂ, 13 ਸਤੰਬਰ (ਜ਼ੀਸ਼ਾਨ)– ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਕਾਦੀਆਂ ਵੱਲੋਂ ਹਰ ਸ਼ੁੱਕਰਵਾਰ "ਡੇਂਗੂ ਤੇ ਵਾਰ" ਤਹਿਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ।
ਮੈਡੀਕਲ ਅਫਸਰ ਡਾ. ਸ਼ੁਭਨੀਤ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਖੜੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਪਾਣੀ ਵਾਲੇ ਬਰਤਨ, ਕੂਲਰ ਤੇ ਗਮਲੇ ਖਾਲੀ ਤੇ ਸੁੱਕੇ ਰੱਖੇ ਜਾਣ, ਅਤੇ ਜਿੱਥੇ ਸੰਭਵ ਨਾ ਹੋਵੇ, ਉੱਥੇ ਕਾਲਾ ਤੇਲ ਪਾਇਆ ਜਾਵੇ।
ਲੋਕਾਂ ਨੂੰ ਸਰੀਰ ਢੱਕਣ ਵਾਲੇ ਕੱਪੜੇ ਪਹਿਨਣ, ਮੱਛਰ ਭਜਾਉਣ ਵਾਲੀ ਕਰੀਮ ਵਰਤਣ ਅਤੇ ਬੁਖਾਰ ਹੋਣ ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਡੇਂਗੂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ। ਇਸ ਮੌਕੇ ਹੈਲਥ ਇੰਸਪੈਕਟਰ ਸਰਵਣ ਸਿੰਘ, ਕੁਲਦੀਪ ਕੁਮਾਰ, ਲਖਬੀਰ ਸਿੰਘ ਤੇ ਗੁਰਮੁਖ ਸਿੰਘ ਭਾਟੀਆ ਮੌਜੂਦ ਸਨ।