ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ-ਜੇ.ਈ. ਸੁਨੀਲ ਕੁਮਾਰ, ਨਰਿੰਦਰ ਕੁਮਾਰ

ਕਾਦੀਆਂ ਚ ਜੇ.ਈ. ਸੁਨੀਲ ਕੁਮਾਰ, ਨਰਿੰਦਰ ਕੁਮਾਰ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਣਕਾਰੀ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 23 ਸਤੰਬਰ (ਜ਼ੀਸ਼ਾਨ):  ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ. ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਨਰਿੰਦਰ ਕੁਮਾਰ ਇੰਸਪੇਕਟਰ ਕਮ ਕਲੱਸਟਰ ਅਫਸਰ, ਸਟਬਲ ਬਰਨਿੰਗ, ਕਾਦੀਆਂ ਅਤੇ ਸ਼੍ਰੀ ਸੁਨੀਲ ਕੁਮਾਰ ਜੇ.ਈ. ਕਮ ਕਲੱਸਟਰ ਅਫ਼ਸਰ ਕਾਦੀਆਂ ਵੱਲੋਂ ਸਾਂਝੇ ਤੌਰ ਤੇ ਸਮੂਹ ਨੋਡਲ ਅਫ਼ਸਰ, ਸਟਬਲ ਬਰਨਿੰਗ ਕਾਦੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਿਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਜਾਵੇ।
ਇਸ ਦੌਰਾਨ ਸਾਰੇ ਨੋਡਲ ਅਫ਼ਸਰਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਕਿਵੇਂ ਅੱਗ ਲਾਉਣ ਨਾਲ ਮਿੱਟੀ ਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜੋ ਕਿ ਫਸਲ ਦੇ ਵਾਧੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਜਿਸ ਕਰਕੇ ਕਿਸਾਨਾਂ ਨੂੰ ਅਗਲੇ ਸੀਜ਼ਨ ਹੋਰ ਵੀ ਜਿਆਦਾ ਖਾਦ ਦੀ ਵਰਤੋਂ ਕਰਕੇ ਇਹਨਾਂ ਪੌਸ਼ਟਿਕ ਤੱਤਾਂ ਨੂੰ ਮੁੜ ਸੁਰਜੀਤ ਕਰਨਾ ਪੈਂਦਾ ਹੈ। ਜਿਸ ਨਾਲ ਕਿਸਾਨ ਦੀ ਫਸਲੀ ਲਾਗਤ ਵਿੱਚ ਵਾਧਾ ਹੁੰਦਾ ਹੈ ਅਤੇ ਅੱਗ ਲਾਉਣ ਨਾਲ ਜੌ ਵਾਤਾਵਰਨ ਖਰਾਬ ਹੁੰਦਾ ਹੈ ਉਸ ਨਾਲ ਜੀਵ ਜੰਤੂ ਅਤੇ ਪਸ਼ੂ ਪਕਸ਼ੀਆਂ ਨੂੰ ਵੀ ਨੁਕਸਾਨ ਝੇਲਨਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸਾਹ ਦੀਆ ਬਿਮਾਰੀਆਂ ਵੀ ਵੱਧ ਜਾਂਦੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਸ਼ੀਨਰੀ ਰਾਹੀਂ ਪਰਾਲੀ ਦੀ ਸਾਂਭ ਸੰਭਾਲ ਅਤੇ ਸਹਿਕਾਰੀ ਸਭਾਵਾਂ ਵੱਲੋ ਉਪਲੱਬਧ ਸੀ.ਆਰ.ਐਮ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਸਮੂਹ ਨੋਡਲ ਅਫ਼ਸਰਾਂ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਭਰੋਸਾ ਦਿੱਤਾ ਗਿਆ।  
ਇਸ ਦੌਰਾਨ ਨੋਡਲ ਅਫ਼ਸਰ ਅਮਨਬੀਰ ਸਿੰਘ ਵਡਾਲਾ ਗ੍ਰੰਥੀਆਂ, ਤੇਜਿੰਦਰ ਸਿੰਘ ਅਵਾਨ, ਸਤਨਾਮ ਸਿੰਘ ਕੰਡੀਲਾ, ਅਵਿਨਾਸ਼ ਸਿੰਘ ਬਰਿਆਰ, ਸੁਨੀਲ ਕੁਮਾਰ ਲੀਲ ਖੁਰਦ, ਮਨਦੀਪ ਸਿੰਘ ਸ਼ੇਰਪੁਰ, ਨੰਦ ਲਾਲ ਰਾਮਪੁਰ, ਗੁਰਮੁਖ ਸਿੰਘ ਬੇਹਲੂਵਾਲ, ਰੋਹਿਤ ਕੁਮਾਰ ਖੁਜਾਲਾ, ਬਲਦੇਵ ਸਿੰਘ ਢਪਈ, ਜਤਿੰਦਰਬੀਰ ਸਿੰਘ ਕੋਕਲਪੁਰ ਅਤੇ ਬਿਕਰਮਜੀਤ ਸਿੰਘ ਥਰੀਏਵਾਲ ਆਦਿ ਮੌਜੂਦ ਸਨ।

Post a Comment

© Qadian Times. All rights reserved. Distributed by ASThemesWorld