| ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਨਾਲ ਹੋਰ। (ਜ਼ੀਸ਼ਾਨ) |
ਕਾਦੀਆਂ, 17 ਸਤੰਬਰ (ਜ਼ੀਸ਼ਾਨ)– ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਦਫਤਰ ਕਾਦੀਆਂ ਸਰਕਲ ਕੰਡੀਲਾ ਦੇ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਇੰਸਪੈਕਟਰ ਨਵਜੋਤ ਕੌਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਸਬੰਧੀ ਕਿਸਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਪਿੰਡ ਧੰਦੋਈ ਚ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ/ਮਨੁੱਖੀ ਸ਼ਰੀਰ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਹੁੰਦੇ ਵਾਧੇ ਬਾਰੇ ਦੱਸਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨਾ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ਵਿਚ ਸਾਹ, ਅੱਖਾਂ ਵਿਚ ਜਲਨ ਅਤੇ ਚਮੜੀ ਦੇ ਰੋਗ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਜ਼ਮੀਨ ਦੇ ਜੀਵ ਜੰਤੂ ਵੀ ਨਸ਼ਟ ਹੁੰਦੇ ਹਨ। ਉਨ੍ਹਾਂ ਕਿਹਾ ਕਿ 'ਗਰੀਨ ਟ੍ਰਿਬਿਊਨਲ ' ਵੱਲੋਂ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਫ਼ੈਸਲਾ ਹੈ ਅਤੇ ਇਸ ਫ਼ੈਸਲੇ ਨੂੰ ਲਾਗੂ ਕਰਨ 'ਚ ਸਾਰੇ ਕਿਸਾਨ ਵੀ ਆਪਣਾ ਯੋਗਦਾਨ ਪਾਉਣ। ਉਨਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਰਾਲੀ ਨੂੰ ਖੇਤਾਂ 'ਚ ਅੱਗ ਲਗਾਉਣ ਦੀ ਬਜਾਏ ਬੇਲਰ ਚਲਾ ਕੇ ਪਰਾਲੀ ਦੀਆਂ ਗੰਢਾ ਬਣਾ ਸਕਦੇ ਹਨ ਅਤੇ ਕੰਬਾਈਨ ਪਿੱਛੇ ਸਟਰਾਅ ਮੈਨੇਜਮੈਂਟ ਸਿਸਟਮ ਲਗਾ ਕੇ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕ ਅਪਣਾਉਣ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਨਹੀਂ ਹੋਵੇਗਾ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ 'ਚ ਵਾਹੁਣ ਬਾਰੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕਿਸਾਨ ਕਿਸੇ ਵੀ ਤਰਾਂ ਦੀ ਸਲਾਹ ਖੇਤੀ ਮਾਹਿਰਾਂ ਤੋਂ ਲੈ ਸਕਦੇ ਹਨ। ਇਸ ਮੌਕੇ ਕਿਸਾਨਾਂ ਨੇ ਖੁੱਲ ਕੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।