ਕਾਦੀਆਂ, 18 ਅਗਸਤ (ਜ਼ੀਸ਼ਾਨ)- ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ ਵਿੱਚ ਸਕੂਲ ਦਾ 25ਵਾਂ ਸਥਾਪਨਾ ਦਿਵਸ ਅਤੇ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਅਤੇ ਰੰਗਾ-ਰੰਗ ਪ੍ਰੋਗਰਾਮ ਨਾਲ ਹੋਈ ਜਿਸ ਵਿੱਚ ਬੱਚਿਆਂ ਵੱਲੋਂ ਗਿੱਦਾ, ਭੰਗੜਾ, ਸਕਿੱਟਾਂ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪ੍ਰੋਗਰਾਮ ਪੇਸ਼ ਕੀਤੇ ਗਏ।
ਝੰਡਾ ਲਹਿਰਾਉਣ ਦੀ ਰਸਮ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੀ ਮੁੱਖ ਸੇਵਾਦਾਰ ਡਾ. ਬੀਬੀ ਇੰਦਰਜੀਤ ਕੌਰ ਨੇ ਨਿਭਾਈ। ਇਸ ਮੌਕੇ ਸਕੂਲ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਸਲਾਨਾ ਰਿਪੋਰਟ ਪੇਸ਼ ਕੀਤੀ। ਸਕੂਲ ਅਤੇ ਪੰਜਾਬ ਭਰ ਵਿੱਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਪਿੰਗਲਵਾੜਾ ਸੋਸਾਇਟੀ ਅਤੇ ਸਕੂਲ ਵੱਲੋਂ ਸਾਈਕਲਾਂ, ਘੜੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਡਾ. ਬੀਬੀ ਇੰਦਰਜੀਤ ਕੌਰ ਸਮੇਤ ਉਹਨਾਂ ਦੀ ਟੀਮ, ਸਕੂਲ ਪ੍ਰਬੰਧਨ, ਪਿੰਡ ਦੇ ਸਰਪੰਚ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਮੌਜੂਦ ਸਨ। ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪੌਦੇ ਲਗਾਉਣ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ-ਖੇਡਾਂ ਵਿੱਚ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਜਗਦੀਪਕ ਸਿੰਘ (ਵਾਈਸ ਪ੍ਰਧਾਨ, ਪਿੰਗਲਵਾੜਾ), ਰਾਜਬੀਰ ਸਿੰਘ (ਟਰਸਟੀ), ਮੁਖਤਾਰ ਸਿੰਘ ਗੁਰਾਇਆ (ਆਨਰੇਰੀ ਸਕੱਤਰ), ਗੁਰਨੈਬ ਸਿੰਘ (ਸਿੱਖਿਆ ਪ੍ਰਬੰਧਕ), ਰੇਨੂੰ, ਡਾ. ਬਲਚਰਨਜੀਤ ਸਿੰਘ ਭਾਟੀਆ (ਸਕੱਤਰ, ਸਿੱਖ ਨੈਸ਼ਨਲ ਕਾਲਜ ਕਾਦੀਆਂ), ਸ਼ਤੀਸ਼ ਮਹਾਜਨ (ਪ੍ਰਿੰਸੀਪਲ, ਡੀਏਵੀ ਸਕੂਲ ਕਾਦੀਆਂ), ਪ੍ਰਿੰਸੀਪਲ ਲਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਸਕੂਲ ਦਾ ਸਟਾਫ ਮੌਜੂਦ ਸੀ।