ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਦਾ ਸ਼ੁਭ ਆਗਾਜ਼, ਗੁਰਦਾਸਪੁਰ ਜ਼ਿਲ੍ਹੇ ਦੀਆਂ 16 ਟੀਮਾਂ ਨੇ ਲਿਆ ਹਿੱਸਾ

ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਸਹਾਇਕ ਸਕੱਤਰ ਪ੍ਰਦੀਪ ਸਿੰਘ ਅਤੇ ਬੀ.ਐਨ.ਓ. ਵਿਜੇ ਕੁਮਾਰ

ਕਾਦੀਆਂ, 19 ਅਗਸਤ (ਜ਼ੀਸ਼ਾਨ)- ਜ਼ਿਲ੍ਹਾ ਪੱਧਰੀ ਖੇਡਾਂ ਦੀ ਲੜੀ ਅਧੀਨ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਚੋਵਾਲ ਦੇ ਮੈਦਾਨ ਵਿੱਚ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਪ੍ਰਦੀਪ ਸਿੰਘ, ਬੀ.ਐਨ.ਓ. ਸ੍ਰੀ ਹਰਗੋਬਿੰਦਪੁਰ ਰਾਮਲਾਲ ਅਤੇ ਬੀ.ਐਨ.ਓ. ਕਾਦੀਆਂ-1 ਵਿਜੇ ਕੁਮਾਰ ਨੇ ਕੀਤੀ।

ਇਸ ਮੁਕਾਬਲੇ ਦਾ ਆਯੋਜਨ ਜੋਨਲ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੀਆਂ ਲਗਭਗ 16 ਟੀਮਾਂ ਨੇ ਭਾਗ ਲਿਆ।

 ਮੈਦਾਨ ਵਿੱਚ ਖੇਡਦੇ ਖਿਡਾਰੀ

ਅੰਡਰ-14 ਵਰਗ ਵਿੱਚ 8 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਰਾਣਾ ਸਵਰਾਜ ਧਾਰੀਵਾਲ, ਹੋਲੀਵਰਲਡ ਹਰਦੋਝੰਡੇ, ਗੁਰੁਕਲਗੀਧਰ ਰੋਜ਼ੀਵਾਲ, ਸਰਕਾਰੀ ਹਾਈ ਸਕੂਲ ਚਾਹਲਕਲਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੁੰਮਣਕਲਾਂ, ਬੁਰਜ ਸਾਹਿਬ ਧਾਰੀਵਾਲ, ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਆਦਿ ਸ਼ਾਮਲ ਸਨ।

ਅੰਡਰ-17 ਵਰਗ ਵਿੱਚ ਵੀ 8 ਟੀਮਾਂ ਮੈਦਾਨ ਵਿੱਚ ਉਤਰੀਆਂ, ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਚੋਵਾਲ, ਰਾਣਾ ਸਵਰਾਜ, ਵੱਡੇ ਘੁੰਮਣ, ਬੁਰਜ ਸਾਹਿਬ ਧਾਰੀਵਾਲ, ਗੁਰੂ ਤੇਗ ਬਹਾਦੁਰ ਸਾਹਿਬ ਬਟਾਲਾ, ਸ੍ਰੀ ਗੁਰੁਕਲਗੀਧਰ ਰੋੜੀਵਾਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ੇਖੂਪੁਰਾ ਅਤੇ ਆਰ.ਡੀ. ਖੋਸਲਾ ਸਕੂਲ ਬਟਾਲਾ ਸ਼ਾਮਲ ਰਹੇ।

ਸ਼ੁਰੂਆਤੀ ਮੌਕੇ 'ਤੇ ਅਧਿਕਾਰੀਆਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਜੋਨਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਟੀਮਾਂ ਦੇ ਆਪਸੀ ਮੁਕਾਬਲਿਆਂ ਤੋਂ ਬਾਅਦ ਜੇਤੂ ਟੀਮਾਂ ਸੈਮੀਫਾਈਨਲ ਤੇ ਫਾਈਨਲ ਰਾਊਂਡ ਵਿੱਚ ਪਹੁੰਚਣਗੀਆਂ।

ਇਸ ਮੌਕੇ 'ਤੇ ਲੈਕਚਰਾਰ ਰਾਜਵਿੰਦਰ ਕੌਰ, ਡੀਪੀਈ ਕੁਲਦੀਪ ਕੌਰ, ਸਤਨਾਮ ਸਿੰਘ, ਰਣਜੀਤ ਕੌਰ, ਮੁਕੇਸ਼ ਕੁਮਾਰ, ਅਮਰਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਕੋਚ ਵੀ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld