ਸਿਵਲ ਹਸਪਤਾਲ ਕਾਦੀਆਂ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Uploaded Image
ਸਿਵਲ ਹਸਪਤਾਲ ਕਾਦੀਆਂ ਦੇ ਸਟਾਫ ਮੈਂਬਰ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਛਬੀਲ ਦੀ ਸੇਵਾ ਕਰਦੇ ਹੋਏ। (ਜ਼ੀਸ਼ਾਨ)

ਕਾਦੀਆਂ, 24 ਜੂਨ (ਜ਼ੀਸ਼ਾਨ): ਸਿਵਲ ਹਸਪਤਾਲ ਕਾਦੀਆਂ ਵਿਖੇ ਸਮੂਹ ਸਟਾਫ ਮੈਂਬਰਾਂ ਵੱਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਸੰਗਤਾਂ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਅਹਿਮ ਅਧਿਆਇ ਹੈ, ਜੋ ਸਾਨੂੰ ਸੱਚ, ਧੀਰਜ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ 'ਤੇ ਅਣਮਨੁੱਖੀ ਤਸੀਹੇ ਦਿੱਤੇ ਗਏ, ਪਰ ਉਨ੍ਹਾਂ ਨੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਤੇ ਮਨੁੱਖਤਾ ਲਈ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਹਿਣ ਕੀਤੀ ਗਈ ਤਪਸ਼ ਅਤੇ ਤਸੀਹਿਆਂ ਦੀ ਯਾਦ ਵਿੱਚ ਹਰ ਸਾਲ ਜੂਨ ਮਹੀਨੇ ਦੀ ਗਰਮੀ ਦੌਰਾਨ ਛਬੀਲਾਂ ਲਗਾ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਜਾਂਦਾ ਹੈ। ਇਹ ਪਰੰਪਰਾ ਨਿਰਸਵਾਰਥ ਸੇਵਾ, ਸਰਬੱਤ ਦੇ ਭਲੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ 'ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਮਹਾਨ ਕੁਰਬਾਨੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਡਾ. ਪੱਲਵੀ, ਡਾ. ਸ਼ੁਭਨੀਤ ਕੁਮਾਰ, ਕੁਲਦੀਪ ਕੁਮਾਰ, ਇੰਦਰਜੀਤ ਸਿੰਘ ਸਮੇਤ ਸਿਵਲ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ।

Post a Comment

© Qadian Times. All rights reserved. Distributed by ASThemesWorld