ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਭਰਤੀ ਲਈ ਮੁਫ਼ਤ ਟ੍ਰੇਨਿੰਗ ਦੇਣ ਵਾਲੇ ਸਾਬਕਾ ਫੌਜੀ ਤੇ ਕੋਚ ਰਿੰਕੂ ਸਿੰਘ ਨੂੰ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਕੀਤਾ ਗਿਆ ਸਨਮਾਨਿਤ

Uploaded Image
ਕੋਚ ਰਿੰਕੂ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮੁਕੇਸ਼ ਵਰਮਾ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਅਹੁਦੇਦਾਰ। (ਜ਼ੀਸ਼ਾਨ)

ਕਾਦੀਆਂ, 29 ਮਈ (ਜ਼ੀਸ਼ਾਨ): ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵੱਲੋਂ ਕਰਵਾਏ ਗਏ ਇੱਕ ਸਨਮਾਨ ਸਮਾਗਮ ਦੌਰਾਨ ਸਾਬਕਾ ਫੌਜੀ ਅਤੇ ਕੋਚ ਰਿੰਕੂ ਸਿੰਘ ਨੂੰ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਭਰਤੀ ਲਈ ਮੁਫ਼ਤ ਟ੍ਰੇਨਿੰਗ ਦੇਣ ਦੇ ਉਪਰਾਲਿਆਂ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਦੱਸਿਆ ਗਿਆ ਕਿ ਰਿੰਕੂ ਸਿੰਘ ਦੀ ਅਗਵਾਈ ਹੇਠ ਟ੍ਰੇਨਿੰਗ ਪ੍ਰਾਪਤ 10 ਨੌਜਵਾਨਾਂ ਨੇ ਭਰਤੀ ਪ੍ਰਕਿਰਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ 9 ਨੌਜਵਾਨਾਂ ਦੀ ਚੋਣ ਅਗਨੀਵੀਰ ਫੌਜ ਵਿੱਚ ਅਤੇ 1 ਨੌਜਵਾਨ ਦੀ ਚੋਣ ਸੀ.ਆਰ.ਪੀ.ਐੱਫ. ਵਿੱਚ ਹੋਈ ਹੈ। ਚੁਣੇ ਗਏ ਨੌਜਵਾਨਾਂ ਵਿੱਚ ਹਰਮਨ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਅੰਮ੍ਰਿਤ ਸਿੰਘ, ਕਰਣਦੀਪ ਸਿੰਘ, ਸੁਖਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਦਿਲਰਾਜ ਸਿੰਘ ਅਤੇ ਆਕਾਸ਼ਦੀਪ ਹਾਂਸ ਸ਼ਾਮਲ ਹਨ।
ਜਗਤ ਪੰਜਾਬੀ ਸਭਾ ਕੈਨੇਡਾ ਦੇ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਗੁਰਦਾਸਪੁਰ ਮੁਕੇਸ਼ ਵਰਮਾ ਨੇ ਕਿਹਾ ਕਿ ਰਿੰਕੂ ਸਿੰਘ ਵਰਗੇ ਸਮਰਪਿਤ ਅਤੇ ਦੇਸ਼ਭਗਤ ਵਿਅਕਤੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਰਿੰਕੂ ਸਿੰਘ ਮੁਫ਼ਤ ਟ੍ਰੇਨਿੰਗ ਦੇ ਕੇ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਸੇਵਾਵਾਂ ਲਈ ਤਿਆਰ ਕਰ ਰਹੇ ਹਨ, ਜਿਸ ਦੇ ਸਕਾਰਾਤਮਕ ਨਤੀਜੇ ਹੁਣ ਸਾਹਮਣੇ ਆ ਰਹੇ ਹਨ।
ਮੁਕੇਸ਼ ਵਰਮਾ ਨੇ ਕਿਹਾ ਕਿ ਅਜਿਹੇ ਕੋਚ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲਈ ਹੀ ਨਹੀਂ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ, ਦੇਸ਼ਭਗਤੀ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨਾਲ ਵੀ ਜੋੜਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਭਟਕਾਵੇ ਤੋਂ ਬਚਾ ਕੇ ਸਹੀ ਦਿਸ਼ਾ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਰਿੰਕੂ ਸਿੰਘ ਇਹ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਹਨ।
ਇਸ ਮੌਕੇ ਸਭਾ ਦੇ ਅਹੁਦੇਦਾਰਾਂ ਨੇ ਰਿੰਕੂ ਸਿੰਘ ਨੂੰ ਵਿਸ਼ੇਸ਼ ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਚੁਣੇ ਗਏ ਨੌਜਵਾਨਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Post a Comment

© Qadian Times. All rights reserved. Distributed by ASThemesWorld