![]() |
| ਸਿੱਖ ਨੈਸ਼ਨਲ ਕਾਲਜ, ਕਾਦੀਆਂ ਦੀਆਂ ਐਨ.ਸੀ.ਸੀ ਕੈਡਿਟਸ, ਜਿਨ੍ਹਾਂ ਦੀ ਕੌਮੀ ਪੱਧਰ ਦੇ ਥਲ ਸੈਨਿਕ ਕੈਂਪ ਲਈ ਚੋਣ ਹੋਈ, ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਏਐਨਓ ਲੈਫ਼ਟੀਨੈਂਟ ਸਤਵਿੰਦਰ ਸਿੰਘ ਨਾਲ।(ਜ਼ੀਸ਼ਾਨ) |
ਕਾਦੀਆਂ, 5 ਜੁਲਾਈ (ਜ਼ੀਸ਼ਾਨ): ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ, ਕਾਦੀਆਂ ਦੀਆਂ ਐਨ.ਸੀ.ਸੀ ਕੈਡਿਟਸ ਨੇ ਸੀ.ਏ.ਟੀ.ਸੀ (CATC) ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤਹਿਤ ਕਾਲਜ ਦੀਆਂ ਤਿੰਨ ਕੈਡਿਟਸ ਦੀ ਕੌਮੀ ਪੱਧਰ ਦੇ ਥਲ ਸੈਨਿਕ ਕੈਂਪ ਲਈ ਚੋਣ ਹੋਈ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐਨ.ਸੀ.ਸੀ ਏ.ਐਨ.ਓ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ 22 ਪੰਜਾਬ ਬਟਾਲੀਅਨ, ਬਟਾਲਾ ਦੀ ਅਗਵਾਈ ਹੇਠ ਕਰਵਾਏ ਗਏ ਕੈਂਪਾਂ ਅਤੇ ਇੰਟਰ-ਬਟਾਲੀਅਨ ਮੁਕਾਬਲਿਆਂ ਵਿੱਚ ਕਾਲਜ ਦੀਆਂ ਕੈਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ ਆਫਿਸਰ ਮੁਸਕਾਨ, ਤਾਨੀਪ੍ਰੀਤ ਅਤੇ ਕੈਡਿਟ ਹਰਪ੍ਰੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ 'ਤੇ ਥਲ ਸੈਨਿਕ ਕੈਂਪ ਲਈ ਆਪਣੀ ਜਗ੍ਹਾ ਬਣਾਈ।
ਇਸ ਤੋਂ ਇਲਾਵਾ ਕੈਡਿਟ ਕੋਮਲਪ੍ਰੀਤ ਕੌਰ ਨੇ ਸੱਭਿਆਚਾਰਕ ਮੁਕਾਬਲੇ ਵਿੱਚ ਤਗ਼ਮਾ ਹਾਸਲ ਕੀਤਾ ਅਤੇ ਕੈਂਪ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਵੀ ਸਫ਼ਲਤਾਪੂਰਵਕ ਨਿਭਾਈਆਂ। ਹੋਰ ਕੈਡਿਟਸ ਨੇ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਮਾਣ ਵਧਾਇਆ।
ਇਸ ਉਪਲਬਧੀ 'ਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਹੋਰ ਮੈਂਬਰਾਂ ਨੇ ਪ੍ਰਿੰਸੀਪਲ, ਐਨਸੀਸੀ ਸਟਾਫ਼ ਅਤੇ ਸਾਰੀਆਂ ਕੈਡਿਟਸ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
