![]() |
| ਸੜਕ ’ਤੇ ਦੌੜਦੀ ਓਵਰਲੋਡ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਅਤੇ ਜਾਣਕਾਰੀ ਸਾਂਝੀ ਕਰਦੇ ਸਮਾਜ ਸੇਵਕ ਕਰਨਬੀਰ ਸਿੰਘ ਰਿਆੜ ਅਤੇ ਸਵਜੀਤ ਸਿੰਘ ਰਿਆੜ ਤੁਗਲਵਾਲਾ। (ਜ਼ੀਸ਼ਾਨ) |
ਕਾਦੀਆਂ, 23 ਮਈ (ਜ਼ੀਸ਼ਾਨ): ਕਾਦੀਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਿੰਕ ਸੜਕਾਂ ’ਤੇ ਓਵਰਲੋਡ ਤੂੜੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦਾ ਦੌਰ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ। ਇਹ ਟਰਾਲੀਆਂ ਅਕਸਰ ਨਿਯਮਾਂ ਦੀ ਉਲੰਘਣਾ ਕਰਦੀਆਂ ਹੋਈਆਂ ਸੜਕਾਂ ’ਤੇ ਚੱਲਦੀਆਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।
ਓਵਰਲੋਡ ਟਰਾਲੀਆਂ ਕਾਰਨ ਕਈ ਥਾਵਾਂ ’ਤੇ ਜਾਮ ਦੀ ਸਥਿਤੀ ਵੀ ਬਣ ਜਾਂਦੀ ਹੈ। ਖ਼ਾਸ ਕਰਕੇ ਰਾਤ ਸਮੇਂ, ਤੂੜੀ ਨਾਲ ਭਰੀਆਂ ਟਰਾਲੀਆਂ ਸਪੱਸ਼ਟ ਤੌਰ ’ਤੇ ਨਹੀਂ ਦਿਖਾਈ ਦਿੰਦੀਆਂ, ਜਿਸ ਨਾਲ ਟੱਕਰ ਹੋਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਟਰਾਲੀ ਵਿੱਚ ਲੱਦੀ ਤੂੜੀ ਆਪਣੀ ਹੱਦ ਤੋਂ ਕਾਫ਼ੀ ਵੱਧ ਫੈਲ ਜਾਂਦੀ ਹੈ, ਜਿਸ ਨਾਲ ਸੜਕ ਦਾ ਵੱਡਾ ਹਿੱਸਾ ਘਿਰ ਜਾਂਦਾ ਹੈ ਅਤੇ ਹੋਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
ਇਸ ਸਬੰਧੀ ਸਮਾਜ ਸੇਵਕ ਕਰਨਬੀਰ ਸਿੰਘ ਰਿਆੜ ਅਤੇ ਸਵਜੀਤ ਸਿੰਘ ਰਿਆੜ ਤੁਗਲਵਾਲਾ ਨੇ ਦੱਸਿਆ ਕਿ ਉਹ ਖੁੱਦ ਓਵਰਲੋਡ ਟਰਾਲੀ ਤੋਂ ਬਾਲ-ਬਾਲ ਬਚੇ ਹਨ।ਓਵਰਲੋਡ ਵਾਹਨਾਂ ਖ਼ਿਲਾਫ਼ ਕੋਈ ਪ੍ਰਭਾਵਸ਼ਾਲੀ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਕਾਰਨ ਹੌਸਲੇ ਵੱਧੇ ਹਨ ਅਤੇ ਵਾਹਨ ਬਿਨਾਂ ਰੋਕ-ਟੋਕ ਚੱਲ ਰਹੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ।
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ.ਐਸ.ਪੀ. ਬਟਾਲਾ ਤੋਂ ਮੰਗ ਕੀਤੀ ਕਿ ਓਵਰਲੋਡ ਵਾਹਨਾਂ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਸੰਬੰਧਿਤ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
