ਕਾਦੀਆਂ ਹਲਕੇ ਨੂੰ ਮਿਲੀ ਵੱਡੀ ਸੌਗਾਤ: ‘ਆਪ’ ਹਲਕਾ ਇੰਚਾਰਜ ਸੇਖਵਾਂ ਨੇ 3.5 ਕਰੋੜ ਦੇ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਕਾਦੀਆਂ ਦੇ ਨਜ਼ਦੀਕੀ ਪਿੰਡਾਂ ਚ ਸੜਕਾਂ ਦਾ ਉਦਘਾਟਨ ਕਰਦਿਆਂ ਜਗਰੂਪ ਸੇਖਵਾਂ ਆਦਿ। (ਜ਼ੀਸ਼ਾਨ)

ਕੇਂਦਰ ਦਾ ਬਜਟ ਨਿਰਾਸ਼ਾਜਨਕ, ਪ੍ਰਧਾਨ ਮੰਤਰੀ ਨਿਭਾਉਣ 'ਰਾਜਧਰਮ- ਸੇਖਵਾਂ
ਕਾਦੀਆਂ, 2 ਫ਼ਰਵਰੀ (ਜ਼ੀਸ਼ਾਨ)– ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਨੇ ਅੱਜ ਹਲਕੇ ਦੇ ਵਿਕਾਸ ਨੂੰ ਗਤੀ ਦਿੰਦਿਆਂ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਪ੍ਰਮੁੱਖ ਸੜਕਾਂ ਦੇ ਨਵੀਨੀਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਹੀ ਕੇਂਦਰ ਸਰਕਾਰ ਦੇ ਬਜਟ ਵਿੱਚ ਪੰਜਾਬ ਨੂੰ ਅਣਗੌਲਿਆ ਕਰਨ 'ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ।
ਤਿੰਨ ਅਹਿਮ ਸੜਕਾਂ ਦੀ ਬਦਲੇਗੀ ਨੁਹਾਰ:
ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਅੱਜ ਬਸਰਾਵਾਂ ਪਿੰਡ ਦੀ ਫਿਰਨੀ ਤੋਂ ਤੁਗਲਵਾਲ ਤੱਕ (2.25 ਕਿਲੋਮੀਟਰ) ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ 'ਤੇ 50 ਲੱਖ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਠੱਕਰ ਸੰਧੂ ਤੋਂ ਬੂਟਰ ਕਲਾਂ-ਕਾਦੀਆਂ ਰੋਡ (5 ਕਿਲੋਮੀਟਰ) ਲਈ 1.06 ਕਰੋੜ ਅਤੇ ਬਟਾਲਾ-ਕਾਹਨੂੰਵਾਨ ਰੋਡ ਤੋਂ ਠੀਕਰੀਵਾਲ-ਕਾਦੀਆਂ (10 ਕਿਲੋਮੀਟਰ) ਸੜਕ ਲਈ 1.88 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮਈ ਮਹੀਨੇ ਤੱਕ, ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਹਲਕੇ ਦੀਆਂ ਸਾਰੀਆਂ ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਸਿਹਤ ਬੀਮਾ ਅਤੇ ਮਹਿਲਾਵਾਂ ਲਈ 1000 ਰੁਪਏ ਦੀ ਸਕੀਮ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 10 ਲੱਖ ਰੁਪਏ ਦੀ ਹੈਲਥ ਇਨਸ਼ੋਰੈਂਸ ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਹਰ ਪੰਜਾਬੀ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾ ਸਕੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਂਦੇ ਮਾਰਚ ਮਹੀਨੇ ਦੇ ਬਜਟ ਵਿੱਚ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਵਾਲੀ ਗਰੰਟੀ ਵੀ ਪੂਰੀ ਕਰ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ ਧੋਖਾ:
ਕੇਂਦਰੀ ਬਜਟ 'ਤੇ ਵਰ੍ਹਦਿਆਂ 'ਆਪ' ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਦੀ ਤਰ੍ਹਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦਾ ਅਰਬਾਂ ਦਾ ਨੁਕਸਾਨ ਹੋਇਆ, ਪਰ ਕੇਂਦਰ ਨੇ ਨਾ ਕੋਈ ਵਿਸ਼ੇਸ਼ ਪੈਕੇਜ ਦਿੱਤਾ ਅਤੇ ਨਾ ਹੀ ਕਿਸਾਨਾਂ ਲਈ ਐਮ.ਐਸ.ਪੀ. (MSP) ਬਹਾਲ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਦਾ ਆਰ.ਡੀ.ਐਫ. (RDF) ਫੰਡ ਰੋਕ ਕੇ ਪੰਜਾਬ ਦੇ ਸ਼ਾਨਦਾਰ ਮੰਡੀਕਰਨ ਢਾਂਚੇ ਨੂੰ ਤੋੜਨਾ ਚਾਹੁੰਦੀ ਹੈ ਤਾਂ ਜੋ ਇਸਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਸਕੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਿਰਫ ਭਾਜਪਾ ਦੇ ਆਗੂ ਬਣਨ ਦੀ ਬਜਾਏ ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਵਾਂਗ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਅਤੇ ਸਾਰੇ ਸੂਬਿਆਂ ਨੂੰ ਬਰਾਬਰ ਦਾ ਹੱਕ ਦੇਣ।
ਕਾਂਗਰਸ 'ਤੇ ਸਾਧਿਆ ਨਿਸ਼ਾਨਾ:
ਵਿਰੋਧੀ ਧਿਰਾਂ ਬਾਰੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰੂਨੀ ਲੜਾਈ ਦਾ ਸ਼ਿਕਾਰ ਹੈ। ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਵਿਕਦੀਆਂ ਹਨ, ਜਿਸਦਾ ਨਤੀਜਾ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸ਼ਰਮਨਾਕ ਹਾਰ ਵਜੋਂ ਸਾਹਮਣੇ ਆਇਆ ਹੈ।

Post a Comment

© Qadian Times. All rights reserved. Distributed by ASThemesWorld